logo

ਸਰਕਾਰੀ ਕਾਲਜ ਰੋਪੜ ਨੇ ਆਲ-ਇੰਡੀਆ ਇੰਟਰ ਯੂਨੀਵਰਸਿਟੀ ਖੇਡ ਮੁਕਾਬਲਿਆਂ ਵਿੱਚ 11 ਗੋਲਡ ਮੈਡਲ, 9 ਸਿਲਵਰ ਮੈਡਲ ਤੇ 1 ਬ੍ਰਾਊਂਜ ਮੈਡਲ ਕੀਤੇ ਹਾਸਲ

ਰੂਪਨਗਰ, 15 ਅਪ੍ਰੈਲ: ਸਰਕਾਰੀ ਕਾਲਜ ਰੋਪੜ ਦੇ ਖਿਡਾਰੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰਤੀਨਿੱਧਤਾ ਕਰਦੇ ਹੋਏ ਖੇਡਾਂ ਕੈਕਿੰਗ, ਕੈਨੋਇੰਗ ਅਤੇ ਡਰੈਗਨ ਵੋਟ ਆਲ ਇੰਡੀਆ ਇੰਟਰ ਯੂਨੀਵਰਸਿਟੀ ਖੇਡ ਮੁਕਾਬਲਿਆਂ ਵਿੱਚ ਕੁੱਲ 20 ਮੈਡਲ ਹਾਸਿਲ ਕੀਤੇ ਜਿਸ ਵਿਚ 11 ਗੋਲਡ ਮੈਡਲ, 9 ਸਿਲਵਰ ਮੈਡਲ ਅਤੇ 1 ਬ੍ਰਾਊਂਜ ਮੈਡਲ ਪ੍ਰਾਪਤ ਕਰਕੇ ਵੱਡੀ ਉਪਲਬਧੀ ਹਾਸਲ ਕੀਤੀ ਹੈ।

ਕਾਲਜ ਪ੍ਰਿੰ. ਜਤਿੰਦਰ ਸਿੰਘ ਗਿੱਲ ਨੇ ਮੈਡਲ ਹਾਸਲ ਕਰਨ ਵਾਲੇ ਹੋਣਹਾਰ ਖਿਡਾਰੀਆਂ ਨੂੰ ਸਨਮਾਨਤ ਕੀਤਾ ਅਤੇ ਸਰੀਰਕ ਸਿੱਖਿਆ ਵਿਭਾਗ ਨੂੰ ਇਸ ਪ੍ਰਾਪਤੀ ਦੀ ਵਧਾਈ ਦਿੱਤੀ।

ਸਰੀਰਕ ਸਿੱਖਿਆ ਵਿਭਾਗ ਮੁਖੀ ਪ੍ਰੋ. ਹਰਜੀਤ ਸਿੰਘ, ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮਿਤੀ 19 ਤੋਂ 22 ਮਾਰਚ, 2024 ਤੱਕ ਕੈਕਿੰਗ, ਕੈਨੋਇੰਗ ਕਲੱਬ, ਕਟਲੀ, ਰੂਪਨਗਰ ਵਿਖੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਕਾਲਜ ਦੀ ਖਿਡਾਰਨ ਨੇਹਾ ਕੁਮਾਰੀ ਨੇ ਦੋ ਗੋਲਡ ਮੈਡਲ ਅਤੇ ਜਸਕਰਨ ਸਿੰਘ ਨੇ ਦੋ ਗੋਲਡ ਮੈਡਲ ਹਾਸਲ ਕੀਤੇ।

ਉਹਨਾਂ ਨੇ ਦੱਸਿਆ ਕਿ ਆੱਲ ਇੰਡੀਆ ਇੰਟਰ ਯੂਨੀਵਰਸਿਟੀ ਲੜਕਿਆਂ ਦੇ ਮੁਕਾਬਲੇ ਜੋ ਕਿ ਮਿਤੀ 27 ਤੋਂ 30 ਮਾਰਚ, 2024 ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂਆਂ ਵੱਲੋਂ ਸੁਖਨਾ ਝੀਲ, ਚੰਡੀਗੜ੍ਹ ਵਿਖੇ ਕਰਵਾਏ ਗਏ, ਜਿਸ ਵਿੱਚ ਮਨਿੰਦਰ ਸਿੰਘ ਨੇ 1 ਗੋਲਡ ਮੈਡਲ ਅਤੇ 1 ਸਿਲਵਰ ਮੈਡਲ, ਜਸਕਰਨ ਸਿੰਘ ਨੇ 1 ਸਿਲਵਰ ਮੈਡਲ, ਮੋਹਿੰਦਰ ਸਿੰਘ ਨੇ 1 ਗੋਲਡ ਮੈਡਲ ਅਤੇ 1 ਸਿਲਵਰ ਮੈਡਲ, ਜਨਕ ਲਾਲ ਗੁਪਤਾ ਨੇ 1 ਗੋਲਡ ਮੈਡਲ, ਗੁਰਿੰਦਰ ਸਿੰਘ ਨੇ 1 ਸਿਲਵਰ ਮੈਡਲ, ਯੋਗੇਸ਼ ਨੇ 1 ਗੋਲਡ ਮੈਡਲ ਅਤੇ 2 ਸਿਲਵਰ ਮੈਡਲ, ਸਾਹਿਲ ਦੇਸ਼ਵਾਲ ਨੇ 1 ਗੋਲਡ ਮੈਡਲ, 2 ਸਿਲਵਰ ਮੈਡਲ ਅਤੇ 1 ਬ੍ਰਾਊਂਜ ਮੈਡਲ, ਅੰਕਿਤ ਨੇ 1 ਗੋਲਡ ਮੈਡਲ ਅਤੇ 1 ਸਿਲਵਰ ਮੈਡਲ ਅਤੇ ਧੀਰਜ ਨੇ 1 ਗੋਲਡ ਮੈਡਲ ਹਾਸਲ ਕਰਕੇ ਕਾਲਜ ਅਤੇ ਯੂਨੀਵਰਸਿਟੀ ਦਾ ਨਾਮ ਰੋਸ਼ਨ ਕੀਤਾ।

ਡਾ. ਹਰਮਨਦੀਪ ਕੌਰ ਨੇ ਕਿਹਾ ਕਿ ਇਹ ਪ੍ਰਾਪਤੀ ਹੋਰ ਖਿਡਾਰੀਆਂ ਲਈ ਪ੍ਰੇਰਨਾ ਸ਼੍ਰੋਤ ਹੈ। ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਸੁਖਜਿੰਦਰ ਕੌਰ, ਕਾਲਜ ਕੌਂਸਲ ਮੈਂਬਰ ਪ੍ਰੋ. ਮੀਨਾ ਕੁਮਾਰੀ, ਕਾਲਜ ਬਰਸਰ ਡਾ. ਦਲਵਿੰਦਰ ਸਿੰਘ, ਡਾ. ਨਿਰਮਲ ਸਿੰਘ ਬਰਾੜ, ਪ੍ਰੋ. ਸ਼ਮਿੰਦਰ ਕੌਰ ਅਤੇ ਕਾਲਜ ਦੇ ਅੰਤਰ ਰਾਸ਼ਟਰੀ ਖਿਡਾਰੀ ਜੁਗਰਾਜ ਸਿੰਘ ਵੀ ਹਾਜ਼ਰ ਸਨ।

0
0 views